ਭੁਪਿੰਦਰ ਪੰਨੀਵਾਲੀਆ ਦੇ ਗੀਤ

ਜਿੰਦਗੀ ਦੇ ਰਾਹਾਂ ਵਿਚ

  ਜਿੰਦਗੀ ਦੇ ਰਾਹਾਂ ਵਿਚ ਬੜੇ ਕੰਡੇ ਅਤੇ ਟੋਏ ਨੇ।
  ਜੋ ਹਾਰ ਜਾਂਦੇ ਹਿੰਮਤਾਂ ਉਹ ਜਿਉਂਦੇ ਹੀ ਮੋਏ ਨੇ।
 
  ਬੰਦਾ ਕਈ ਵਾਰ ਟੁੱਟਦਾ ਤੇ ਕਿੰਨੀ ਵਾਰੀ ਜੁੜਦਾ,
  ਜਿਹੜਾ ਬੀਤ ਜਾਵੇ ਵੇਲਾ ਉਹ ਫੇਰ ਨਹੀਉਂ ਜੁੜਦਾ,
  ਕਿਸੇ ਦਿਆਂ ਡੱਕਿਆਂ ਤੋਂ ਨਾ ਕਦੇ ਵਕਤ ਖਲੋਏ ਨੇ।
  ਜਿੰਦਗੀ ਦੇ ਰਾਹਾਂ ਵਿਚ ਬੜੇ ਕੰਡੇ ਅਤੇ ਟੋਏ ਨੇ।

  ਕਦੇ ਲੰਘੇ ਵੇਲਾ ਚੰਗਾ ਕਦੇ ਵਕਤ ਬੁਰਾ ਆਵੇ,
  ਕਦੇ ਭੀੜ ਪਵੇ ਐਸੀ ਜਿਹੜੀ ਮਾਰ ਹੀ ਮੁਕਾਵੇ,
  ਜਿਹੜੇ ਰਖਦੇ ਨੇ ਜੇਰਾ ਉਹ ਡੱਟ ਕੇ ਖਲੋਏ ਨੇ।
  ਜਿੰਦਗੀ ਦੇ ਰਾਹਾਂ ਵਿਚ ਬੜੇ ਕੰਡੇ ਅਤੇ ਟੋਏ ਨੇ।

  ਜਿਹੜੇ ਹੁੰਦੇ ਕਾਇਰ ਉਹ ਨਾਂ ਮੁਸੀਬਤਾਂ ਨੂੰ ਝੱਲਦੇ,
  ਜੇਰੇ ਵਾਲੇ ਲੋਕੀ ਔਕੜਾਂ ਨੂੰ ਅੱਗੇ ਹੋਕੇ ਨੇ ਠੱਲ•ਦੇ,
  ਉਹ ਸਦਾ ਰਹਿਣ ਹੱਸਦੇ ਕਦੇ ਟੁੱਟਣੇ ਨਾ ਰੋਏ ਨੇ।
  ਜਿੰਦਗੀ ਦੇ ਰਾਹਾਂ ਵਿਚ ਬੜੇ ਕੰਡੇ ਅਤੇ ਟੋਏ ਨੇ।

  ਹਾਰ ਜਾਣਾਂ ਹਿੰਮਤਾਂ ਹੁੰਦੀ ਕਾਇਰਾਂ ਦੀ ਨਿਸ਼ਾਨੀ,
  ਕਦੇ ਹਾਰਦੇ ਨਾ ਉਹ ਜਿਹੜੇ ਹੁੰਦੇ ਨੇ ਤੁਫਾਨੀ,
  ਨਾਲ ਹੌਸਲੇ ਦੇ ਉਹ ਪਾਰ ਪੱਤਣਾਂ ਤੋਂ ਹੋਏ ਨੇ।
  ਜਿੰਦਗੀ ਦੇ ਰਾਹਾਂ ਵਿਚ ਬੜੇ ਕੰਡੇ ਅਤੇ ਟੋਏ ਨੇ।

  ਮਨਾ ਉੱਠ ਕਰ ਜੇਰਾ ਐਵੇਂ ਢਾਹ ਨਾ ਤੂੰ ਢੇਰੀ,
  ਪੰਨੀਵਾਲੀਏ ਦੇ ਵਾਂਗੂੰ ਰੱਖਿਆ ਕਰ ਤੂੰ ਦਲੇਰੀ,
  ਜਿਹਨੇ ਜਿੰਦਗੀ ਸਦਾ ਹਾਰ ਦੁੱਖਾਂ ਦੇ ਪਰੋਏ ਨੇ।
  ਜਿੰਦਗੀ ਦੇ ਰਾਹਾਂ ਵਿਚ ਬੜੇ ਕੰਡੇ ਅਤੇ ਟੋਏ ਨੇ।

  ++++++++++++++++++++++

 

ਗਲੀ ਗਲੀ ਹੋਣ ਚਰਚੇ

   ਗਲੀ ਗਲੀ ਹੋਣ ਚਰਚੇ
   ਨੀ ਰੂਪ ਤੇਰੇ ਦੀ ਮੱਚੀ ਦੁਹਾਈ,
   ਨਾ ਚੁੰਨੀ ਉਹਲੇ ਹੱਸ ਗੋਰੀਏ,
   ਮੁੰਡੇ ਪਿੰਡ ਦੇ ਹੋ ਜਾਣਗੇ ਸੁਦਾਈ।
 
   ਗੋਰਾ ਤੇਰਾ ਮੁੱਖ ਚੰਨ ਵਰਗਾ
   ਕੋਕਾ ਨੱਕ ਵਿਚ ਮਾਰੇ ਲਿਸ਼ਕਾਰੇ
   ਚਾਲ ਤੇਰੀ ਮੋਰਾਂ ਵਰਗੀ
   ਕਹਿਰ ਗੁਜਾਰਦੇ ਲੱਕ ਦੇ ਹੁਲਾਰੇ
   ਲੰਬੇ ਲੰਬੇ ਵਾਲਾਂ ਵਿਚ ਗੋਰੀਏ
   ਫਿਰੇਂ ਲਾਲ ਪਰਾਂਦੀ ਪਾਈ।

   ਤ੍ਰਿਝੰਣਾਂ ਵਿਚ ਬੈਠ ਗੋਰੀਏ
   ਜਦੋਂ ਤੰਦ ਚਰਖੇ 'ਤੇ ਪਾਵੇਂ
   ਸਖੀਆਂ ਦੇ ਸੰਗ ਬੈਠਕੇ
   ਜਦੋਂ ਗੀਤ ਪਿਆਰ ਦਾ ਗਾਵੇਂ
   ਦਿਲ ਵਿਚੋਂ ਹੂਕ ਉੱਠਦੀ
   ਜਿੰਦ ਰੋ ਪੈਂਦੀ ਇਸ਼ਕ ਤਿਹਾਈ।

   ਭੱਤਾ ਲੈ ਕੇ ਜਾਵੇਂ ਖੇਤ ਨੂੰ
   ਨੀ ਬੋਚ ਬੋਚ ਪੈਰ ਟਿਕਾਵੇਂ
   ਹਾਲ਼ੀਆਂ ਨੂੰ ਹੌਲ ਪੈ ਜਾਵੇ
   ਜਦੋਂ ਹੱਸ ਤੂੰ ਲੰਘ ਜਾਵੇਂ
   ਨੀ ਖੇਤਾਂ 'ਚ ਬਹਾਰ ਆ ਗਈ
   ਜਦੋਂ ਬੱਟ ਉੱਤੇ ਪੈਲ ਨੂੰ ਪਾਈ।

   ਰੂਪ ਦੀਏ ਰਾਣੀਏ ਨੀ
   ਸਾਰੇ ਪਿੰਡ ਦਾ ਮਾਣ ਤੂੰ ਬਣਗੀ,
   ਪੰਨੀਵਾਲੇ ਪਿੰਡ ਵਿਚ ਨੀ
   ਭਿੰਦੇ ਜੱਟ ਦੀ ਸ਼ਾਨ ਨੂੰ ਬਣਗੀ,
   ਤਕਦੀਰ ਤੂੰ ਬਦਲ ਦਿੱਤੀ
   ਜਦੋਂ ਦੀ ਤੂੰ ਮੇਰੇ ਘਰ ਆਈ।

   ਗਲੀ ਗਲੀ ਹੋਣ ਚਰਚੇ
   ਨੀ ਰੂਪ ਤੇਰੇ ਦੀ ਮੱਚੀ ਦੁਹਾਈ,
   ਨਾ ਚੁੰਨੀ ਉਹਲੇ ਹੱਸ ਗੋਰੀਏ,
   ਮੁੰਡੇ ਪਿੰਡ ਦੇ ਹੋ ਜਾਣਗੇ ਸੁਦਾਈ।
 
   >>>>>>>>>>>>>>>>>>>>>>>>>>>>>>


   ਜਿੰਦਗੀ ਲੋਚੇ ਪਿਆਰ ਵੇ ਸਜਣਾ


   ਜਿੰਦਗੀ ਲੋਚੇ ਪਿਆਰ ਵੇ ਸਜਣਾ,
   ਇਹ ਜਿੰਦ ਦਿਹਾੜੇ ਚਾਰ ਵੇ ਸਜਣਾ,
   ਵਿਚ ਰੋਸਿਆਂ ਕੁੱਝ ਨਾ ਰੱਖਿਆ ਸਾਰੇ ਝੂਠੇ ਦਾਵੇ।
   ਵੇਲਾ ਮੁੜ ਕੇ ਨਹੀਂ ਆਉਣਾ ਕੌਣ ਤੈਨੂੰ ਸਮਝਾਵੇ।

   ਹਰ ਵੇਲੇ ਹੀ ਵੱਟ ਮੱਥੇ ਵਿਚ ਪਾਈ ਰਖਦੈਂ ਵੇ
   ਜਦ ਵੀ ਬੁਲਾਵਾਂ ਤੈਨੂੰ ਘੂਰ ਘੂਰ ਕੇ ਤਕਦੈਂ ਵੇ,
   ਲੋਕੀ ਤਰਸਣ ਪਿਆਰ ਨੂੰ ਚੰਨਾ ਤੈਨੂੰ ਕਿਉਂ ਨਾ ਆਵੇ।
   ਵੇਲਾ ਮੁੜ ਕੇ ਨਹੀਂ ਆਉਣਾ ਕੌਣ ਤੈਨੂੰ ਸਮਝਾਵੇ।
 
   ਤੇਰੇ ਇਸ਼ਕ ਮੇਰੇ ਚੰਨਾ ਅਸਾਂ ਫਕੀਰੀ ਧਾਰੀ ਵੇ
   ਤੇਰੇ ਪਿਆਰ ਦੀ ਖਾਤਰ ਜਿੰਦ ਤੇਰੇ ਤੋਂ ਵਾਰੀ ਵੇ
   ਸੱਚਾ ਬੰਦਾ ਸਦਾ ਹੈ ਜਿੱਤਦਾ ਜੋ ਸੱਚੀਆਂ ਲਾਵੇ।
   ਵੇਲਾ ਮੁੜ ਕੇ ਨਹੀਂ ਆਉਣਾ ਕੌਣ ਤੈਨੂੰ ਸਮਝਾਵੇ।

   ਬਹੁਤ ਛੇਤੀ ਹੀ ਇਕ ਦਿਨ ਐਸਾ ਆਉਣਾ ਵੇ
   ਤੈਨੂੰ ਸੱਚ ਨੇ ਜਿੱਤ ਲੈਣ ਤੂੰ ਫੇਰ ਪਛਤਾਉਣਾ ਵੇ,
   ਪੰਨੀਵਾਲੀਏ ਵਾਂਗੂੰ ਪੱਲੇ ਰਹਿ ਜਾਣੇ ਪਛਤਾਵੇ।
   ਵੇਲਾ ਮੁੜ ਕੇ ਨਹੀਂ ਆਉਣਾ ਕੌਣ ਤੈਨੂੰ ਸਮਝਾਵੇ।
   ++++++++++++++++++++++


  ਇਹ ਮੇਰਾ ਗੀਤ

 ਇਹ ਮੇਰਾ ਗੀਤ ਹਾਲ਼ੀਆਂ 'ਤੇ ਪਾਲ਼ੀਆਂ ਦੇ ਨਾਂ।
 ਜਰਵਾਣਿਆਂ ਦੇ ਹੱਥੋਂ ਕੰਜਕਾਂ ਉਧਾਲ਼ੀਆਂ ਦੇ ਨਾਂ।

 ਹਾਲੀ ਅਤੇ ਪਾਲੀ ਦੋਵੇਂ ਜ਼ਿੰਦਗੀ ਦਾ ਹੁੰਦੇ ਨੇ ਆਧਾਰ,
 ਇਹ ਦੋਵੇਂ ਹੀ  ਵਿਚਾਰੇ  ਜਿਉਂਦੇ  ਜਿੰਦਗੀ  ਲਾਚਾਰ,
 ਕੱਕਰਾਂ 'ਚ ਗੁਜ਼ਾਰੀਆਂ ਰਾਤਾਂ ਸਿਆਲੀਆਂ ਦੇ ਨਾਂ।
 ਇਹ ਮੇਰਾ ਗੀਤ ਹਾਲ਼ੀਆਂ 'ਤੇ ਪਾਲ਼ੀਆਂ ਦੇ ਨਾਂ।

 ਮਰਦ  ਜਰਵਾਣੇ  ਸਦਾ  ਕੰਜਕਾਂ  ਉਧਾਲ਼ਦੇ,
 ਆਪਣੀ ਹਵਸ ਵਿਚੋਂ ਛਿੱਟ ਪਿਆਰ ਦੀ ਨੇ ਭਾਲਦੇ,
 ਕੁਕਰਮਾਂ 'ਚ ਬੀਤੀਆਂ ਰਾਤਾਂ ਕਾਲੀਆਂ ਦੇ ਨਾਂ।
 ਇਹ ਮੇਰਾ ਗੀਤ ਹਾਲ਼ੀਆਂ 'ਤੇ ਪਾਲ਼ੀਆਂ ਦੇ ਨਾਂ।

 ਹਾਲੀ ਅਤੇ ਪਾਲੀ ਦੋਵੇਂ ਰੂਪ ਹੁੰਦੇ ਰੱਬ ਦਾ,
 ਮਿਹਨਤਾਂ ਦੇ ਨਾਲ ਢਿੱਡ ਭਰਦੇ ਨੇ ਜੱਗ ਦਾ,
 ਤੰਗੀ ਅਤੇ ਤੁਰਸੀ 'ਚ ਜਿੰਦਾਂ ਗਾਲ਼ੀਆਂ ਦੇ ਨਾਂ।
 ਇਹ ਮੇਰਾ ਗੀਤ ਹਾਲ਼ੀਆਂ 'ਤੇ ਪਾਲ਼ੀਆਂ ਦੇ ਨਾਂ।

 ਔਰਤ  ਹੈ  ਜਨਨੀ  ਹੱਕਦਾਰ  ਸਨਮਾਨ  ਦੀ,
 ਤਾਂਹੀਓਂ ਲੋਕੀ ਆਖਦੇ ਨੇ ਮੂਰਤ ਭਗਵਾਨ ਦੀ,
 ਮਾਵਾਂ ਵੱਲੋਂ ਪੁੱਤਰਾਂ ਨੂੰ ਦਿੱਤੀਆਂ ਉਗਾਲ਼ੀਆਂ ਦੇ ਨਾ।
 ਇਹ ਮੇਰਾ ਗੀਤ ਹਾਲ਼ੀਆਂ 'ਤੇ ਪਾਲ਼ੀਆਂ ਦੇ ਨਾਂ।
 ------------------------------------------

ਭੁਪਿੰਦਰ ਪੰਨੀਵਾਲੀਆ 
ਗੁਰਦਵਾਰਾ ਬਸਤੀ
ਮੰਡੀ ਕਾਲਾਂਵਾਲੀ -125201
ਜ਼ਿਲਾ ਸਿਰਸਾ, ਹਰਿਆਣਾ
ਮੋਬਾਇਲ - 09416124729

ਸਾਡੇ ਮਹਿਮਾਨ